ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਦੀ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਥਾਪਤ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਲਈ ਕੇਵਲ ਇਮਾਰਤ ਨਹੀਂ ਸਗੋਂ ਇਹ ਸੱਚਾ ਸੁੱਚਾ ਸੰਕਲਪ ਹੈ, ਜਿਸ ਨੇ ਕੌਮ ਦੀ ਅਜ਼ਾਦ ਹੋਂਦ ਹਸਤੀ ਨੂੰ ਰੂਪਮਾਨ ਕੀਤਾ| ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਆਪਣੇ ਰਾਜਸੀ ਮਤਭੇਦ ਭੁਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਹੇਠ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਗੁਲਾਮੀ ਦੀਆਂ ਜੰਜੀਰਾਂ ਟੁੱਟਣ, ਤਾਂ ਸਾਨੂੰ ਇਕ ਨਿਸ਼ਾਨ ਇਕ ਵਿਧਾਨ ਹੇਠ ਇਕੱਠੇ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਸਾਂਝੇ ਯਤਨ ਕਰਨੇ ਹੋਣਗੇ| ਇਸ ਮੌਕੇ ਉਨ੍ਹਾਂ ਸਿੱਖ ਜਗਤ ਨੂੰ ਗੁਰੂ ਬਖ਼ਸ਼ੀ ਰਹਿਣੀ ਦੇ ਧਾਰਨੀ ਬਣਨ ਦੀ ਪ੍ਰੇਰਣਾ ਕੀਤੀ ਅਤੇ ਗੁਰਬਾਣੀ ਅਨੁਸਾਰ ਜੀਵਨ ਸੇਧਾਂ ਨਿਰਧਾਰਤ ਕਰਨ ਲਈ ਕਿਹਾ|