ਜਿੱਤਣ ਦਾ ਜਜ਼ਬਾ ਹੋਵੇ ਤਾਂ ਕਾਮਯਾਬੀ ਆਪਣੇ ਆਪ ਮਿਲ ਜਾਂਦੀ ਹੈ ਅਤੇ ਉਮਰ ਵੀ ਰਾਹ ਦਾ ਰੋੜਾ ਨਹੀਂ ਬਣ ਸਕਦੀ।ਅਜਿਹੀ ਮਿਸਾਲ ਬਟਾਲਾ ਦੇ ਭਾਰਤੀ ਫੌਜ ਚੋਂ ਸੇਵਾ-ਮੁਕਤ ਹੋਏ 65 ਸਾਲਾ ਨੌਜਵਾਨ ਸੂਬੇਦਾਰ ਹਰਭਜਨ ਸਿੰਘ ਬਾਜਵਾ ਨੇ ਥਾਈਲੈਂਡ ਵਿਚ ਹੋਈਆਂ ਓਪਨ ਮਾਸਟਰਜ਼ ਗੇਮਜ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ 1200 ਅਤੇ 800 ਮੀਟਰ ਦੀਆਂ ਦੌੜਾਂ ਵਿਚ 2 ਸੋਨੇ ਦੇ ਤਗਮੇ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। 2 ਸੋਨੇ ਦੇ ਮੈਡਲ ਜੇਤੂ ਐਥਲੀਟ ਹਰਭਜਨ ਸਿੰਘ ਬਾਜਵਾ ਦਾ ਬਟਾਲਾ ਪੁੱਜਣ ਤੇ ਵੱਖ ਵੱਖ ਥਾਵਾਂ ਤੇ ਢੋਲ ਢਮੱਕਿਆਂ ਅਤੇ ਹਾਰਾਂ ਨਾਲ ਭਰਵਾਂ ਸਵਾਗਤ ਕੀਤਾ ਗਿਆ ਹੈ। ਸੇਵਾਮੁਕਤ ਸੂਬੇਦਾਰ ਹਰਭਜਨ ਸਿੰਘ ਬਾਜਵਾ ਨੂੰ ਖੁੱਲ੍ਹੀ ਜੀਪ ਚ ਬਿਠਾ ਕੇ ਜਲੰਧਰ ਰੋਡ ਤੋਂ ਉਹਨਾਂ ਦੇ ਘਰ ਤਕ ਢੋਲ ਢਮੱਕਿਆਂ ਨਾਲ ਭੰਗੜੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸੂਬੇਦਾਰ ਬਾਜਵਾ ਦਾ ਘੁੰਮਣ ਮਾਰਕੀਟ ਕਾਦੀਆਂ ਰੋਡ ਤੇ ਸੁਆਗਤ ਉਨ੍ਹਾਂ ਨੂੰ ਹਾਰਾਂ ਨਾਲ ਲੱਦ ਦਿੱਤਾ ਗਿਆ।
ਸੋਨੇ ਦੇ ਮੈਡਲ ਜੇਤੂ ਸੇਵਾਮੁਕਤ ਸੂਬੇਦਾਰ ਬਾਜਵਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗੇਮਸ ਥਾਈਲੈਂਡ ਦੇ ਪਤਾਇਆ ਸ਼ਹਿਰ ਚ ਕਾਂਟਰੈਕਟ ਬਰੀਡਜ਼ ਲੀਗ ਆਫ ਥਾਈਲੈਂਡ ਵੱਲੋਂ 3 ਫਰਵਰੀ ਤੋਂ 12 ਫ਼ਰਵਰੀ ਤਕ ਕਰਵਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੇਮਾਂ ਵਿੱਚ 12 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ । ਸੇਵਾਮੁਕਤ ਸੂਬੇਦਾਰ ਬਾਜਵਾ ਨੇ ਅੱਗੇ ਦੱਸਿਆ ਕਿ ਪੰਜਾਬ ਤੋਂ ਮੇਜਰ ਬਲਰਾਜ ਸਿੰਘ ਦੀ ਅਗਵਾਈ ਵਿੱਚ ਉਹ ਅਤੇ ਚਾਰ ਹੋਰ ਦੌੜਾਕ ਓਪਨ ਗੇਮਾਂ ਵਿੱਚ ਖੇਡਣ ਗਏ ਸੀ। ਬਾਜਵਾ ਨੇ ਦੱਸਿਆ ਕਿ ਉਸਨੇ ਦੌੜਾਂ ਵਿੱਚ 2 ਸੋਨੇ ਦੇ ਮੈਡਲ ਜਿੱਤੇ ਹਨ। ਬਾਜਵਾ ਨੇ ਦੱਸਿਆ ਕਿ ਸੋਨੇ ਦੇ ਮੈਡਲ ਜਿੱਤ ਕੇ ਉਸਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਬਿਨਾਂ ਨਾਗਾ ਅਭਿਆਸ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦਾ ਤਿਆਗ ਕਰ ਕੇ ਹੀ ਕੌਮ ਦੀ ਸੇਵਾ ਕਰੋ ।