ਕੁੱਲੂ, 6 ਜੁਲਾਈ (ਏਜੰਸੀ)- ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਨੇ ਭਿਆਨਕ ਰੂਪ ਦਿਖਾਇਆ ਹੈ| ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਭਾਰੀ ਮੀਂਹ ਪਿਆ| ਕੁੱਲੂ ਜਿਲ੍ਹੇ ਦੇ
ਮਨੀਕਰਨ ਸਾਹਿਬ ਵਿੱਚ ਬੱਦਲ ਫਟ ਗਏ| ਹੜ੍ਹ ਕਾਰਨ ਇੱਕ ਕੈਂਪਿੰਗ ਸਾਈਟ ਵਹਿ ਗਈ ਹੈ ਅਤੇ ਚਾਰ ਲੋਕ ਲਾਪਤਾ ਹਨ| ਕੁੱਲੂ ਦੇ ਏਡੀਐਮ ਪ੍ਰਸ਼ਾਂਸ਼ ਸਰਕੈਕ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ| ਜਾਣਕਾਰੀ ਮੁਤਾਬਕ ਕੁੱਲੂ ਦੀ ਮਨੀਕਰਨ ਘਾਟੀ ਦੇ ਚੋਜ ਪਿੰਡ ‘ਚ ਬੱਦਲ ਫਟਣ ਕਾਰਨ ਸਥਾਨਕ ਡਰੇਨ ‘ਚ ਭਾਰੀ ਹੜ੍ਹ ਆਉਣ ਕਾਰਨ ਚਾਰ ਲੋਕਾਂ ਦੇ ਰੁੜ੍ਹ ਜਾਣ ਦਾ ਖਦਸਾ ਹੈ| ਲੋਕਾਂ ਨੇ ਚਾਰ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਹੈ| ਇਸ ਦੇ ਨਾਲ ਹੀ ਕੁਝ ਘਰ ਵੀ ਪਾਣੀ
ਦੀ ਮਾਰ ਹੇਠ ਆ ਗਏ ਹਨ ਅਤੇ ਪਿੰਡ ਨੂੰ ਜਾਣ ਵਾਲਾ ਪੁਲ ਵੀ ਨੁਕਸਾਨਿਆ ਗਿਆ ਹੈ|
ਪਿੰਡ ਵਾਸੀਆਂ ਨੇ ਇਸ ਸਬੰਧੀ ਕੁੱਲੂ
ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਹੈ|
ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ
ਦੀ ਟੀਮ ਵੀ ਮੌਕੇ ‘ਤੇ ਰਵਾਨਾ ਹੋ ਗਈ ਹੈ|
ਦੱਸ ਦਈਏ ਕਿ ਰਾਤ ਤੋਂ ਕੁੱਲੂ ‘ਚ ਭਾਰੀ
ਬਾਰਿਸ਼ ਹੋ ਰਹੀ ਹੈ| ਕਸੋਲ ਨੇੜੇ ਵੀ ਸੜਕ
’ਤੇ ਮਲਬਾ ਆ ਗਿਆ ਹੈ| ਇਸ ਦੇ ਨਾਲ ਹੀ
ਮਲਾਨਾ ਵਿੱਚ ਡੈਮ ਸਾਈਟ ਨੂੰ ਵੀ ਭਾਰੀ
ਨੁਕਸਾਨ ਪਹੁੰਚਿਆ ਹੈ| ਦਰਅਸਲ
ਹਿਮਾਚਲ ‘ਚ ਮੌਸਮ ਵਿਭਾਗ ਨੇ ਬੁੱਧਵਾਰ ਨੂੰ
ਆਰੇਂਜ ਅਲਰਟ ਜਾਰੀ ਕੀਤਾ ਹੈ|
ਇਸ ਦੇ ਨਾਲ ਹੀ ਤਿੰਨ ਦਿਨਾਂ ਲਈ
ਯੈਲੋ ਅਲਰਟ ਜਾਰੀ ਕੀਤਾ ਗਿਆ ਹੈ|
ਬੁੱਧਵਾਰ ਸਵੇਰੇ ਸ਼ਿਮਲਾ, ਸੋਲਨ, ਸਿਰਮੌਰ,
ਬਿਲਾਸਪੁਰ ਅਤੇ ਕਾਂਗੜਾ ‘ਚ ਅਗਲੇ 3
ਘੰਟਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ
ਕੀਤਾ ਗਿਆ ਹੈ| ਸਾਰੇ ਜਿਲਿਆਂ ਦੇ
ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ-ਨਾਲਿਆਂ ਦੇ
ਨੇੜੇ ਨਾ ਜਾਣ ਦੇ ਨਿਰਦੇਸ਼ ਦਿੱਤੇ ਹਨ|
ਜਿਕਰਯੋਗ ਹੈ ਕਿ ਮਾਨਸੂਨ ਦੇ ਪਹਿਲੇ ਹਫਤੇ
ਹਿਮਾਚਲ ‘ਚ 40 ਤੋਂ ਜਿਆਦਾ ਲੋਕਾਂ ਦੀ
ਮੌਤ ਹੋ ਚੁੱਕੀ ਹੈ| ਇਸ ਵਿੱਚ ਸੜਕ ਹਾਦਸੇ
ਵੀ ਸ਼ਾਮਲ ਹਨ| ਮਾਲ ਵਿਭਾਗ ਅਨੁਸਾਰ
ਹੁਣ ਤੱਕ 1 ਕਰੋੜ 32 ਲੱਖ ਰੁਪਏ ਤੋਂ ਵੱਧ
ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਾ ਹੈ|