ਚੰਡੀਗੜ੍ਹ, 1 ਮਈ (ਬਿੳੂਰੋ)- ਪੰਜਾਬ ਦੇ 117 ਵਿਧਾਇਕਾਂ ਨੂੰ ਹੁਣ ਆਪਣੀ ਜੇਬ ‘ਚੋਂ ਟੈਕਸ ਅਦਾ ਕਰਨਾ ਪਵੇਗਾ| ਇਸ ਦਾ ਐਲਾਨ ਭਗਵੰਤ ਮਾਨ ਭਲਕੇ ਕਰਨਗੇ| ਪੰਜਾਬ ‘ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਵਿਧਾਇਕਾਂ ਦਾ ਟੈਕਸ ਸਰਕਾਰ ਭਰਦੀ ਸੀ| ਇਸ ਤੋਂ ਪਹਿਲਾਂ ਪੰਜਾਬ ਦੀ ‘ਆਪ’ ਸਰਕਾਰ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਦਾ ਐਲਾਨ ਕਰ ਚੁੱਕੀ ਹੈ| ਦੱਸ ਦਈਏ ਕਿ ਕਾਂਗਰਸ ਸਰਕਾਰ ਵੇਲੇ 117 ਵਿੱਚੋਂ 93 ਵਿਧਾਇਕਾਂ ਦਾ ਆਮਦਨ ਟੈਕਸ ਸਰਕਾਰ ਅਦਾ ਕਰ ਰਹੀ ਸੀ| ਸਰਕਾਰ ਨੇ 4 ਸਾਲਾਂ ਵਿੱਚ ਪੌਣੇ ਤਿੰਨ ਕਰੋੜ ਆਮਦਨ ਟੈਕਸ ਅਦਾ ਕੀਤਾ| ਖਾਸ ਗੱਲ ਇਹ ਸੀ ਕਿ ਇਸ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਸ਼ਾਮਲ ਸੀ| ਜਿਨ੍ਹਾਂ ਵਿਧਾਇਕਾਂ ਦਾ ਆਮਦਨ ਕਰ ਸਰਕਾਰੀ ਖਜਾਨੇ ‘ਚੋਂ ਭਰਿਆ ਜਾਂਦਾ ਰਿਹਾ, ਉਨ੍ਹਾਂ ‘ਚ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਨਾਂ ਵੀ ਸ਼ਾਮਲ ਹਨ| ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੀ ਸੱਤਾ ‘ਤੇ ਕਾਬਜ ‘ਆਪ’ ਦੇ 15 ਵਿਧਾਇਕਾਂ ਦੇ ਨਾਂ ਵੀ ਇਸ ਦਾ ਫਾਇਦਾ ਲੈਣ ਵਾਲਿਆਂ ‘ਚ ਸ਼ਾਮਲ ਸੀ| ਇਨ੍ਹਾਂ ਵਿੱਚੋਂ ਅਮਨ ਅਰੋੜਾ, ਕੁਲਵੰਤ ਸਿੰਘ ਪੰਡੋਰੀ, ਪ੍ਰੋ. ਬਲਜਿੰਦਰ ਕੌਰ, ਬੁੱਧਰਾਮ, ਕੁਲਤਾਰ ਸਧਵਾਂ, ਗੁਰਮੀਤ ਸਿੰਘ ਮੀਤ ਹੇਅਰ, ਸਰਵਜੀਤ ਕੌਰ ਮਾਣੂੰਕੇ ਤੇ ਜੈਕਿਸਨ ਸਿੰਘ ਦੂਜੀ ਵਾਰ ਵਿਧਾਇਕ ਬਣੇ ਹਨ| ਇਨ੍ਹਾਂ ਵਿੱਚੋਂ ਕੁਲਤਾਰ ਸੰਧਵਾਂ ਹੁਣ ਵਿਧਾਨ ਸਭਾ ਦੇ ਸਪੀਕਰ ਤੇ ਗੁਰਮੀਤ
ਮੀਤ ਸਿੱਖਿਆ ਮੰਤਰੀ ਬਣ ਗਏ ਹਨ|