ਲਹਿਰਾਗਾਗਾ : ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਉਸਦੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਕੀਤੇ ਜਾਂਦੇ ਹਫ਼ਤਾਵਾਰੀ ਪ੍ਰਦਰਸ਼ਨਾਂ ਦੀ ਲੜੀ ਵਿੱਚ 16ਵਾਂ ਹਫ਼ਤਾਵਾਰੀ ਪ੍ਰਦਰਸ਼ਨ ਕੀਤਾ ਗਿਆ।
ਇਸ ਪ੍ਰਦਰਸ਼ਨ ਨੂੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਨਾਮਦੇਵ ਭੁਟਾਲ, ਸਫ਼ਾਈ ਮਜਦੂਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਮਹਿੰਦਰ ਸਿੰਘ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਲਾਭ ਸਿੰਘ ਤੇ ਪਿਆਰਾ ਸਿੰਘ, ਬੀਕੇਯੂ (ਉਗਰਾਹਾਂ) ਦੇ ਗੁਰਜੀਤ ਸਿੰਘ, ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੁਖਜਿੰਦਰ ਲਾਲੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਲੜਿਆ ਜਾ ਰਿਹਾ ਇਤਿਹਾਸਕ ਕਿਸਾਨ ਅੰਦੋਲਨ ਭਾਜਪਾ ਤੇ ਮੋਦੀ ਸਰਕਾਰ ਦੀਆਂ ਘਿਨਾਉਣੀਆਂ ਚਾਲਾਂ ਨੂੂੰ ਨਾਕਾਮ ਕਰਕੇ ਲਗਾਤਾਰ ਅੱਗੇ ਵਧ ਰਿਹਾ ਹੈ। ਇਸਦੀ ਤਾਜ਼ਾ ਮਿਸਾਲ ਖੱਟਰ ਸਰਕਾਰ ਦੀ ਹੈਂਕੜ ਭੰਨ ਕੇ ਫਤਿਹ ਕੀਤਾ ਕਰਨਾਲ ਮੋਰਚਾ ਹੈ ਅਤੇ ਮੁਜੱਫ਼ਰਨਗਰ ਦੀ ਕਿਸਾਨ ਮਹਾਂ-ਪੰਚਾਇਤ 'ਚ ਡੇਢ ਦਰਜ਼ਨ ਸੂਬਿਆਂ ਦੇ ਲੱਖਾਂ ਕਿਸਾਨਾਂ ਦੀ ਸ਼ਮੂਲੀਅਤ ਨੇ ਯੋਗੀ ਸਰਕਾਰ ਦੇ ਤਖਤ ਦੇ ਪਾਵੇ ਹਿਲਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੂੰ ਅਗੇਤੀਆਂ ਚੋਣ ਸਰਗਰਮੀਆਂ ਛੱਡ ਕੇ ਕਿਸਾਨ ਅੰਦੋਲਨ ਦੀ ਸੱਚੇ ਦਿਲੋਂ ਮੱਦਦ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੂੰ ਇਲਾਕੇ ਵਿੱਚ ਪੂਰਨ ਸਫਲ ਬਣਾਉਣ ਲਈ ਮੰਚ ਤੇ ਭਰਾਤਰੀ ਜਥੇਬੰਦੀਆਂ ਜਲਦੀ ਹੀ ਸਾਂਝੀ ਤਿਆਰੀ ਮੁਹਿੰਮ ਵਿੱਢਣਗੀਆਂ। ਨੌ ਮਹੀਨਿਆਂ ਤੋਂ ਰਾਜਧਾਨੀ ਦਿੱਲੀ ਦੀਅਾਂ ਬਰੂਹਾਂ 'ਤੇ ਡੇਰੇ ਲਾਈਂ ਬੈਠੇ ਕਿਸਾਨਾਂ ਦੇ ਹੌਸਲੇ, ਸਬਰ ਤੇ ਜਬਤ ਨੇ ਦੇਸ਼-ਦੁਨੀਆ ਦੇ ਚਿੰਤਕਾਂ ਸਮੇਤ ਆਮ ਲੋਕਾਈ ਦੇ ਦਿਲ ਜਿੱਤ ਲਏ ਹਨ ਅਤੇ ਉਹ ਇਸ ਅੰਦੋਲਨ ਵਿੱਚੋਂ ਨਵੇਂ ਭਵਿੱਖ ਦੇ ਨਕਸ਼ ਉੱਭਰਦੇ ਦੇਖ ਰਹੇ ਹਨ।
ਇਸ ਪ੍ਰਦਰਸ਼ਨ ਵਿੱਚ ਪ੍ਰਿੰਸੀਪਲ ਪਿਆਰਾ ਲਾਲ, ਮਾਸਟਰ ਹਰਭਗਵਾਨ ਗੁਰਨੇ, ਰਾਮਚੰਦਰ ਸਿੰਘ ਖਾਈ, ਜਗਦੀਸ਼ ਪਾਪੜਾ, ਤਰਸੇਮ ਭੋਲੂ, ਮਹਾਂਵੀਰ ਸਿੰਘ, ਮਾਸਟਰ ਕੁਲਦੀਪ ਸਿੰਘ, ਗੁਰਪਿਆਰ ਸਿੰਘ, ਸ਼ਮਿੰਦਰ ਸਿੰਘ, ਸੁਖਵਿੰਦਰ ਸਿੰਘ, ਖੁਸ਼ਦੀਪ ਸਿੰਘ, ਰਾਮ ਸਿੰਘ, ਪਰਵਿੰਦਰ ਸ਼ਰਮਾ, ਜੋਰਾ ਸਿੰਘ ਗਾਗਾ, ਮੈਂਗਲ ਸਿੰਘ, ਰਵੀ, ਗੁਰਸੇਵਕ ਸਿੰਘ, ਜਗਜੀਤ ਸਿੰਘ, ਤੇਜਾ ਸਿੰਘ, ਰਿਸ਼ੀਪਾਲ ਆਦਿ ਨੇ ਸਰਗਰਮ ਸ਼ਮੂਲੀਅਤ ਕੀਤੀ।
ਮੰਚ ਵੱਲੋਂ ਇਹ ਪ੍ਰਦਰਸ਼ਨ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਜਾਖਲ-ਸੁਨਾਮ ਰੋਡ 'ਤੇ ਨਹਿਰ ਦੇ ਪੁਲ 'ਤੇ ਕੀਤਾ ਜਾਂਦਾ ਹੈ ਜਿਸ ਵਿੱਚ ਮੰਚ ਦੇ ਮੈਂਬਰ ਕਿਸਾਨਾਂ ਦੇ ਹੱਕ ਵਿੱਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਤਖ਼ਤੀਆਂ, ਬੈਨਰ ਤੇ ਮਾਟੋ ਹੱਥਾਂ ਵਿੱਚ ਫੜ ਕੇ ਖੜ੍ਹੇ ਹੁੰਦੇ ਹਨ, ਵਿੱਚ-ਵਿਚਕਾਰ ਸਪੀਕਰ ਤੋਂ ਕਿਸਾਨਾਂ ਦੇ ਸੰਘਰਸ਼ ਪੱਖੀ ਗੀਤ ਗੂੰਜਦੇ ਹਨ ਅਤੇ ਸਮਾਪਤੀ 'ਤੇ ਨਾਅਰੇ ਗੂੰਜਦੇ ਹਨ।